Read Bible
Free to use • No login or registration required • For all ages
Choose your language, version, book, and chapter below. You can optionally pick a single verse for a focused view. Then click Go to see the passage. Need help? See our How to use guide.
1. ਉਹ ਬਾਲਕ ਸਮੂਏਲ ਏਲੀ ਦੇ ਸਾਹਮਣੇ ਯਹੋਵਾਹ ਦੀ ਸੇਵਾ ਕਰਦਾ ਸੀ ਅਤੇ ਉਨ੍ਹਾਂ ਦਿਨਾਂ ਵਿੱਚ ਯਹੋਵਾਹ ਦਾ ਬਚਨ ਬਹੁਤ ਦੁਰਲੱਭ ਸੀ ਕਿਉਂ ਜੋ ਦਰਸ਼ਣ ਘੱਟ ਹੁੰਦਾ ਸੀ।
2. ਅਤੇ ਅਜਿਹਾ ਹੋਇਆ ਜਦ ਏਲੀ ਆਪਣੇ ਥਾਂ ਲੰਮਾ ਪਿਆ ਸੀ ਅਤੇ ਉਹ ਦੀਆਂ ਅੱਖੀਆਂ ਅਜਿਹੀਆਂ ਧੁੰਦਲੀਆਂ ਹੋਣ ਲੱਗੀਆਂ ਜੋ ਉਹ ਵੇਖ ਨਹੀਂ ਸਕਦਾ ਸੀ।
3. ਪਰਮੇਸ਼ੁਰ ਦਾ ਦੀਵਾ, ਜੋ ਯਹੋਵਾਹ ਦੀ ਹੈਕਲ ਵਿੱਚ ਜਿੱਥੇ ਪਰਮੇਸ਼ੁਰ ਦਾ ਸੰਦੂਕ ਸੀ ਜੋ ਅਜੇ ਨਹੀਂ ਬੁਝਿਆ ਸੀ ਅਤੇ ਸਮੂਏਲ ਲੰਮਾ ਪਿਆ ਹੋਇਆ ਸੀ।
4. ਤਦ ਯਹੋਵਾਹ ਨੇ ਸਮੂਏਲ ਨੂੰ ਬੁਲਾਇਆ ਅਤੇ ਉਹ ਨੇ ਆਖਿਆ, ਮੈਂ ਹਾਜ਼ਰ ਹਾਂ,
5. ਅਤੇ ਭੱਜ ਕੇ ਏਲੀ ਕੋਲ ਗਿਆ ਅਤੇ ਆਖਿਆ, ਤੂੰ ਜੋ ਮੈਨੂੰ ਬੁਲਾਇਆ ਹੈ ਮੈਂ ਹਾਜ਼ਰ ਹਾਂ। ਪਰ ਉਹ ਬੋਲਿਆ, ਮੈਂ ਤਾਂ ਨਹੀਂ ਬੁਲਾਇਆ। ਵਾਪਿਸ ਜਾ ਕੇ ਲੰਮਾ ਪੈ ਜਾ। ਸੋ ਉਹ ਜਾ ਕੇ ਲੰਮਾ ਪੈ ਗਿਆ।
6. ਯਹੋਵਾਹ ਨੇ ਸਮੂਏਲ ਨੂੰ ਫੇਰ ਬੁਲਾਇਆ ਅਤੇ ਸਮੂਏਲ ਉੱਠ ਕੇ ਏਲੀ ਕੋਲ ਗਿਆ ਅਤੇ ਆਖਿਆ, ਮੈਂ ਹਾਜ਼ਰ ਹਾਂ, ਤੂੰ ਜੋ ਮੈਨੂੰ ਬੁਲਾਇਆ। ਉਸ ਨੇ ਆਖਿਆ, ਹੇ ਮੇਰੇ ਪੁੱਤਰ, ਮੈਂ ਨਹੀਂ ਬੁਲਾਇਆ। ਵਾਪਿਸ ਜਾ ਕੇ ਲੰਮਾ ਪੈ ਜਾ।
7. ਪਰ ਸਮੂਏਲ ਅਜੇ ਯਹੋਵਾਹ ਨੂੰ ਨਹੀਂ ਜਾਣਦਾ ਸੀ ਅਤੇ ਨਾ ਹੀ ਯਹੋਵਾਹ ਦਾ ਬਚਨ ਉਸ ਉੱਤੇ ਪਰਗਟ ਹੋਇਆ ਸੀ।
8. ਫੇਰ ਯਹੋਵਾਹ ਨੇ ਤੀਜੀ ਵਾਰੀ ਸਮੂਏਲ ਨੂੰ ਬੁਲਾਇਆ ਅਤੇ ਉਹ ਉੱਠ ਕੇ ਏਲੀ ਕੋਲ ਗਿਆ ਅਤੇ ਆਖਿਆ, ਮੈਂ ਹਾਜ਼ਰ ਹਾਂ, ਤੂੰ ਜੋ ਮੈਨੂੰ ਬੁਲਾਇਆ ਹੈ। ਤਦ ਏਲੀ ਨੇ ਜਾਣ ਲਿਆ ਜੋ ਯਹੋਵਾਹ ਨੇ ਬਾਲਕ ਨੂੰ ਬੁਲਾਇਆ ਹੋਣਾ ਹੈ।
9. ਤਦ ਏਲੀ ਨੇ ਸਮੂਏਲ ਨੂੰ ਆਖਿਆ, ਜਾ ਲੰਮਾ ਪੈ ਜਾ ਅਤੇ ਅਜਿਹਾ ਹੋਵੇਗਾ ਕਿ ਜਦ ਉਹ ਤੈਨੂੰ ਪੁਕਾਰੇ ਤਾਂ ਤੂੰ ਆਖੀ, ਹੇ ਯਹੋਵਾਹ ਬੋਲ, ਤੇਰਾ ਦਾਸ ਸੁਣਦਾ ਹੈ। ਸੋ ਸਮੂਏਲ ਆਪਣੇ ਥਾਂ ਜਾ ਕੇ ਲੰਮਾ ਪੈ ਗਿਆ।
10. ਤਦ ਯਹੋਵਾਹ ਆਇਆ ਅਤੇ ਖੜ੍ਹੇ ਹੋ ਕੇ ਪਹਿਲਾਂ ਦੀ ਤਰ੍ਹਾਂ ਸੱਦਿਆ, “ਸਮੂਏਲ, ਸਮੂਏਲ।” ਤਦ ਸਮੂਏਲ ਨੇ ਕਿਹਾ, ਬੋਲ ਕਿਉਂ ਜੋ ਤੇਰਾ ਦਾਸ ਸੁਣਦਾ ਹੈ।
11. ਤਦ ਯਹੋਵਾਹ ਨੇ ਸਮੂਏਲ ਨੂੰ ਆਖਿਆ, ਵੇਖ, ਮੈਂ ਇਸਰਾਏਲ ਦੇ ਵਿੱਚ ਇੱਕ ਅਜਿਹਾ ਕੰਮ ਕਰਾਂਗਾ ਜਿਸ ਨੂੰ ਸੁਣਨ ਵਾਲੇ ਕੰਬਣਗੇ,
12. ਸੋ ਉਸ ਦਿਨ ਮੈਂ ਏਲੀ ਉੱਤੇ ਸਭ ਕੁਝ ਆਦ ਤੋਂ ਅੰਤ ਤੱਕ ਲਿਆਵਾਂਗਾ ਜੋ ਮੈਂ ਉਸ ਦੇ ਟੱਬਰ ਦੇ ਲਈ ਆਖਿਆ ਸੀ।
13. ਕਿਉਂ ਜੋ ਮੈਂ ਉਹ ਨੂੰ ਆਖਿਆ ਕਿ ਮੈਂ ਉਸ ਬੁਰਿਆਈ ਦੇ ਕਾਰਨ ਜਿਸ ਨੂੰ ਉਹ ਨੇ ਜਾਣ ਵੀ ਲਿਆ ਹੈ ਸਦੀਪਕ ਕਾਲ ਤੱਕ ਉਹ ਦੇ ਘਰ ਤੋਂ ਬਦਲਾ ਲਵਾਂਗਾ ਕਿਉਂ ਜੋ ਉਹ ਦੇ ਪੁੱਤਰਾਂ ਨੇ ਆਪਣੇ ਆਪ ਨੂੰ ਨੀਚ ਕੀਤਾ ਹੈ ਅਤੇ ਉਹ ਨੇ ਉਨ੍ਹਾਂ ਨੂੰ ਨਹੀਂ ਰੋਕਿਆ।
14. ਇਸ ਕਰਕੇ ਏਲੀ ਦੇ ਟੱਬਰ ਵਿਖੇ ਮੈਂ ਸਹੁੰ ਖਾਧੀ ਹੈ ਜੋ ਏਲੀ ਦੇ ਟੱਬਰ ਦੀ ਬੁਰਿਆਈ, ਕਿਸੇ ਕੁਰਬਾਨੀ ਜਾਂ ਭੇਟ ਦੇ ਨਾਲ ਸਦਾ ਤੱਕ ਨਾ ਮਿਟੇ।
15. ਸਮੂਏਲ ਸਵੇਰ ਤੱਕ ਸੁੱਤਾ ਰਿਹਾ, ਫੇਰ ਉਸ ਨੇ ਯਹੋਵਾਹ ਦੇ ਘਰ ਦੇ ਬੂਹੇ ਖੋਲ੍ਹ ਦਿੱਤੇ ਅਤੇ ਸਮੂਏਲ ਏਲੀ ਨੂੰ ਉਸ ਦਰਸ਼ਣ ਨੂੰ ਦੱਸਣ ਤੋਂ ਡਰਦਾ ਸੀ।
16. ਤਦ ਏਲੀ ਨੇ ਸਮੂਏਲ ਨੂੰ ਸੱਦ ਕੇ ਆਖਿਆ, ਹੇ ਮੇਰੇ ਪੁੱਤਰ ਸਮੂਏਲ! ਉਹ ਬੋਲਿਆ, ਮੈਂ ਹਾਜ਼ਰ ਹਾਂ।
17. ਤਦ ਉਹ ਨੇ ਪੁੱਛਿਆ, ਉਹ ਕਿਹੜੀ ਗੱਲ ਸੀ ਜੋ ਤੈਨੂੰ ਯਹੋਵਾਹ ਨੇ ਆਖੀ ਹੈ? ਮੈਥੋਂ ਨਾ ਲੁਕਾਵੀਂ। ਜੇ ਕਦੀ ਉਨ੍ਹਾਂ ਗੱਲਾਂ ਵਿੱਚੋਂ ਜੋ ਉਸ ਨੇ ਤੈਨੂੰ ਆਖੀਆਂ ਹਨ, ਤੂੰ ਕੁਝ ਵੀ ਲੁਕਾਵੇਂ ਤਾਂ ਪਰਮੇਸ਼ੁਰ ਤੇਰੇ ਨਾਲ ਉਵੇਂ ਹੀ ਕਰੇ ਸਗੋਂ ਉਸ ਨਾਲੋਂ ਵੀ ਵੱਧ ਕਰੇ!
18. ਤਦ ਸਮੂਏਲ ਨੇ ਉਹ ਨੂੰ ਸਾਰਾ ਬਚਨ ਦੱਸ ਦਿੱਤਾ ਅਤੇ ਉਸ ਕੋਲੋਂ ਕੁਝ ਨਾ ਲੁਕਾਇਆ। ਉਹ ਬੋਲਿਆ, ਉਹ ਯਹੋਵਾਹ ਹੀ ਹੈ। ਜੋ ਚਾਹੇ ਸੋ ਕਰੇ।
19. ਸਮੂਏਲ ਵੱਧਦਾ ਗਿਆ ਅਤੇ ਯਹੋਵਾਹ ਉਹ ਦੇ ਅੰਗ-ਸੰਗ ਸੀ ਅਤੇ ਉਸ ਨੇ ਉਹ ਦੀ ਆਖੀ ਕੋਈ ਗੱਲ ਧਰਤੀ ਉੱਤੇ ਵਿਅਰਥ ਨਾ ਜਾਣ ਦਿੱਤੀ।
20. ਅਤੇ ਦਾਨ ਸ਼ਹਿਰ ਤੋਂ ਲੈ ਕੇ ਬਏਰਸ਼ਬਾ ਸ਼ਹਿਰ ਤੱਕ ਸਾਰਾ ਇਸਰਾਏਲ ਜਾਣ ਗਿਆ ਜੋ ਸਮੂਏਲ ਯਹੋਵਾਹ ਦਾ ਨਬੀ ਠਹਿਰਾਇਆ ਗਿਆ ਸੀ।
21. ਅਤੇ ਯਹੋਵਾਹ ਸ਼ੀਲੋਹ ਵਿੱਚ ਫੇਰ ਪ੍ਰਗਟ ਹੋਇਆ, ਕਿਉਂ ਜੋ ਯਹੋਵਾਹ ਨੇ ਆਪਣੇ ਆਪ ਨੂੰ ਸ਼ੀਲੋਹ ਵਿੱਚ ਸਮੂਏਲ ਉੱਤੇ ਆਪਣੇ ਬਚਨ ਨਾਲ ਪ੍ਰਗਟ ਕੀਤਾ ਸੀ।