Read Bible
Free to use • No login or registration required • For all ages
Choose your language, version, book, and chapter below. You can optionally pick a single verse for a focused view. Then click Go to see the passage. Need help? See our How to use guide.
1. ਯਾਕੂਬ ਨੇ ਆਪਣੀਆਂ ਅੱਖਾਂ ਚੁੱਕ ਕੇ ਵੇਖਿਆ ਕਿ ਏਸਾਓ ਆ ਰਿਹਾ ਸੀ ਅਤੇ ਉਸ ਦੇ ਨਾਲ ਚਾਰ ਸੌ ਆਦਮੀ ਹਨ, ਤਦ ਉਸ ਨੇ ਬੱਚਿਆਂ ਨੂੰ ਲੇਆਹ, ਰਾਖ਼ੇਲ ਅਤੇ ਦੋਵੇਂ ਦਾਸੀਆਂ ਵਿੱਚ ਵੰਡ ਦਿੱਤਾ ਅਤੇ ਉਸ ਨੇ ਦਾਸੀਆਂ ਨੂੰ ਅਤੇ ਉਹਨਾਂ ਦੇ ਬੱਚਿਆਂ ਨੂੰ ਸਾਰਿਆਂ ਤੋਂ ਅੱਗੇ ਰੱਖਿਆ।
2. ਲੇਆਹ ਅਤੇ ਉਸ ਦੇ ਬੱਚਿਆਂ ਨੂੰ ਉਨ੍ਹਾਂ ਦੇ ਪਿੱਛੇ ਅਤੇ ਰਾਖ਼ੇਲ ਅਤੇ ਯੂਸੁਫ਼ ਨੂੰ ਸਾਰਿਆਂ ਤੋਂ ਪਿੱਛੇ ਰੱਖਿਆ।
3. ਪਰ ਉਹ ਆਪ ਉਨ੍ਹਾਂ ਦੇ ਅੱਗੇ-ਅੱਗੇ ਪਾਰ ਲੰਘਿਆ ਅਤੇ ਸੱਤ ਵਾਰ ਧਰਤੀ ਉੱਤੇ ਆਪਣੇ ਆਪ ਨੂੰ ਝੁਕਾਇਆ ਜਦ ਤੱਕ ਉਸ ਏਸਾਓ ਕੋਲ ਨਾ ਪਹੁੰਚਿਆ।
4. ਤਦ ਏਸਾਓ ਉਸ ਦੇ ਮਿਲਣ ਨੂੰ ਨੱਠਾ ਅਤੇ ਉਸ ਨੂੰ ਜੱਫ਼ੀ ਪਾਈ ਅਤੇ ਉਸ ਦੇ ਗਲ਼ ਵਿੱਚ ਬਾਹਾਂ ਪਾ ਕੇ ਉਸ ਨੂੰ ਚੁੰਮਿਆ ਅਤੇ ਦੋਵੇਂ ਰੋਣ ਲੱਗੇ।
5. ਫੇਰ ਏਸਾਓ ਨੇ ਅੱਖਾਂ ਚੁੱਕ ਕੇ ਇਸਤਰੀਆਂ ਅਤੇ ਬੱਚਿਆਂ ਨੂੰ ਵੇਖਿਆ ਅਤੇ ਪੁੱਛਿਆ, ਤੇਰੇ ਨਾਲ ਇਹ ਕੌਣ ਹਨ? ਤਾਂ ਉਸ ਨੇ ਆਖਿਆ, ਇਹ ਓਹ ਬੱਚੇ ਹਨ, ਜਿਹੜੇ ਪਰਮੇਸ਼ੁਰ ਨੇ ਤੇਰੇ ਦਾਸ ਨੂੰ ਬਖ਼ਸ਼ੇ ਹਨ।
6. ਤਦ ਦਾਸੀਆਂ ਅਤੇ ਉਨ੍ਹਾਂ ਦੇ ਬੱਚਿਆਂ ਦੇ ਨੇੜੇ ਆ ਕੇ ਆਪਣੇ ਆਪ ਨੂੰ ਝੁਕਾਇਆ।
7. ਫੇਰ ਲੇਆਹ ਅਤੇ ਉਸ ਦੇ ਬੱਚਿਆਂ ਨੇ ਨੇੜੇ ਆ ਕੇ ਆਪਣੇ ਆਪ ਨੂੰ ਝੁਕਾਇਆ ਅਤੇ ਅਖ਼ੀਰ ਵਿੱਚ ਯੂਸੁਫ਼ ਅਤੇ ਰਾਖ਼ੇਲ ਨੇ ਨੇੜੇ ਆ ਕੇ ਆਪਣੇ ਆਪ ਨੂੰ ਝੁਕਾਇਆ।
8. ਤਦ ਏਸਾਓ ਨੇ ਪੁੱਛਿਆ, ਇਸ ਸਾਰੀ ਟੋਲੀ ਤੋਂ ਜਿਹੜੀ ਮੈਨੂੰ ਮਿਲੀ, ਤੇਰਾ ਕੀ ਉਦੇਸ਼ ਹੈ? ਉਸ ਨੇ ਆਖਿਆ, ਇਸ ਲਈ ਜੋ ਮੇਰੇ ਸੁਆਮੀ ਦੀ ਕਿਰਪਾ ਮੇਰੇ ਉੱਤੇ ਹੋਵੇ।
9. ਤਦ ਏਸਾਓ ਨੇ ਆਖਿਆ, ਹੇ ਮੇਰੇ ਭਰਾ, ਮੇਰੇ ਕੋਲ ਤਾਂ ਬਹੁਤ ਕੁਝ ਹੈ, ਅਤੇ ਜੋ ਤੇਰਾ ਹੈ ਉਹ ਤੂੰ ਆਪਣੇ ਕੋਲ ਹੀ ਰੱਖ।
10. ਯਾਕੂਬ ਨੇ ਆਖਿਆ, ਨਹੀਂ! ਜੇ ਤੇਰੀ ਕਿਰਪਾ ਦੀ ਨਜ਼ਰ ਮੇਰੇ ਉੱਤੇ ਹੈ ਤਾਂ ਮੇਰਾ ਨਜ਼ਰਾਨਾ ਮੇਰੇ ਹੱਥੋਂ ਕਬੂਲ ਕਰ, ਕਿਉਂ ਜੋ ਮੇਰੇ ਲਈ ਤੇਰੇ ਮੁੱਖ ਨੂੰ ਵੇਖਣਾ ਜਾਣੋ ਪਰਮੇਸ਼ੁਰ ਦੇ ਮੁੱਖ ਨੂੰ ਵੇਖਣ ਦੇ ਬਰਾਬਰ ਹੈ, ਅਤੇ ਤੂੰ ਮੈਥੋਂ ਪ੍ਰਸੰਨ ਹੋਇਆ ਹੈਂ।
11. ਮੇਰਾ ਨਜ਼ਰਾਨਾ ਜਿਹੜਾ ਮੈਂ ਤੇਰੇ ਕੋਲ ਭੇਜਿਆ ਹੈ, ਕਬੂਲ ਕਰ ਕਿਉਂ ਜੋ ਪਰਮੇਸ਼ੁਰ ਨੇ ਮੇਰੇ ਉੱਤੇ ਦਯਾ ਕੀਤੀ ਹੈ ਅਤੇ ਮੇਰੇ ਕੋਲ ਸਭ ਕੁਝ ਹੈ। ਜਦ ਉਸ ਨੇ ਉਹ ਦੀ ਬਹੁਤ ਮਿੰਨਤ ਕੀਤੀ ਤਾਂ ਉਸ ਨੇ ਕਬੂਲ ਕਰ ਲਿਆ।
12. ਫੇਰ ਏਸਾਓ ਨੇ ਆਖਿਆ, ਆ, ਅਸੀਂ ਆਪਣੇ ਰਾਹ ਨੂੰ ਚੱਲੀਏ ਅਤੇ ਮੈਂ ਤੇਰੇ ਅੱਗੇ-ਅੱਗੇ ਚੱਲਾਂਗਾ।
13. ਪਰ ਯਾਕੂਬ ਨੇ ਉਹ ਨੂੰ ਆਖਿਆ, ਮੇਰਾ ਸੁਆਮੀ ਜਾਣਦਾ ਹੈ ਕਿ ਮੇਰੇ ਨਾਲ ਸੋਹਲ ਬੱਚੇ ਹਨ ਅਤੇ ਮੇਰੇ ਕੋਲ ਭੇਡਾਂ-ਬੱਕਰੀਆਂ ਅਤੇ ਲਵੇਰੀਆਂ ਗਊਆਂ ਹਨ, ਜੇ ਓਹ ਇੱਕ ਦਿਨ ਤੋਂ ਵੱਧ ਹੱਕੇ ਗਏ ਤਾਂ ਸਾਰੇ ਇੱਜੜ ਮਰ ਜਾਣਗੇ।
14. ਮੇਰਾ ਸੁਆਮੀ ਆਪਣੇ ਦਾਸ ਤੋਂ ਅੱਗੇ ਪਾਰ ਲੰਘ ਜਾਵੇ ਅਤੇ ਮੈਂ ਹੌਲੀ-ਹੌਲੀ ਪਸ਼ੂਆਂ ਦੀ ਤੋਰ ਅਨੁਸਾਰ ਜਿਹੜੇ ਮੇਰੇ ਅੱਗੇ ਹਨ, ਅਤੇ ਬੱਚਿਆਂ ਦੀ ਤੋਰ ਅਨੁਸਾਰ ਆਵਾਂਗਾ, ਜਦ ਤੱਕ ਮੈਂ ਆਪਣੇ ਸੁਆਮੀ ਕੋਲ ਸੇਈਰ ਵਿੱਚ ਨਾ ਪਹੁੰਚਾਂ।
15. ਤਦ ਏਸਾਓ ਨੇ ਆਖਿਆ, ਮੈਂ ਆਪਣੇ ਨਾਲ ਦੇ ਲੋਕਾਂ ਵਿੱਚੋਂ ਕੁਝ ਨੂੰ ਤੇਰੇ ਕੋਲ ਛੱਡ ਦਿੰਦਾ ਹਾਂ। ਪਰ ਉਸ ਨੇ ਆਖਿਆ, ਇਸ ਦੀ ਕੀ ਲੋੜ ਹੈ? ਪਰ ਮੇਰੇ ਸੁਆਮੀ ਦੀ ਕਿਰਪਾ ਮੇਰੇ ਉੱਤੇ ਹੋਵੇ, ਇੰਨ੍ਹਾਂ ਹੀ ਮੇਰੇ ਲਈ ਬਹੁਤ ਹੈ।
16. ਤਦ ਉਸੇ ਦਿਨ ਏਸਾਓ ਨੇ ਫੇਰ ਸੇਈਰ ਦਾ ਰਾਹ ਫੜਿਆ।
17. ਯਾਕੂਬ ਸੁੱਕੋਥ ਦੇ ਰਾਹ ਪੈ ਗਿਆ, ਅਤੇ ਆਪਣੇ ਲਈ ਇੱਕ ਘਰ ਬਣਾਇਆ ਅਤੇ ਆਪਣੇ ਪਸ਼ੂਆਂ ਲਈ ਛੱਪਰ ਬਣਾਏ। ਇਸ ਲਈ ਉਸ ਸਥਾਨ ਦਾ ਨਾਮ ਸੁੱਕੋਥ ਪੈ ਗਿਆ।
18. ਯਾਕੂਬ ਸ਼ਾਂਤੀ ਨਾਲ ਪਦਨ ਅਰਾਮ ਵਿੱਚੋਂ ਨਿੱਕਲ ਕੇ ਕਨਾਨ ਦੇਸ਼ ਦੇ ਨਗਰ ਸ਼ਕਮ ਵਿੱਚ ਆਇਆ, ਅਤੇ ਨਗਰ ਦੇ ਅੱਗੇ ਆਪਣਾ ਡੇਰਾ ਲਾਇਆ
19. ਅਤੇ ਪੈਲੀ ਦਾ ਖੱਤਾ ਜਿੱਥੇ ਉਸ ਨੇ ਆਪਣਾ ਤੰਬੂ ਲਾਇਆ, ਉਹ ਉਸ ਨੇ ਸ਼ਕਮ ਦੇ ਪਿਤਾ ਹਮੋਰ ਦੇ ਪੁੱਤਰਾਂ ਦੇ ਹੱਥੋਂ ਚਾਂਦੀ ਦੇ ਸੌ ਸਿੱਕਿਆਂ ਨਾਲ ਮੁੱਲ ਲਿਆ ਸੀ।
20. ਉੱਥੇ ਉਸ ਨੇ ਇੱਕ ਜਗਵੇਦੀ ਬਣਾਈ ਅਤੇ ਉਸ ਦਾ ਨਾਮ ਨੂੰ ਏਲ-ਏਲੋਹੇ ਇਸਰਾਏਲ ਰੱਖਿਆ।