Read Bible

Free to use • No login or registration required • For all ages

Choose your language, version, book, and chapter below. You can optionally pick a single verse for a focused view. Then click Go to see the passage. Need help? See our How to use guide.

Genesis 32

1. ਯਾਕੂਬ ਆਪਣੇ ਰਾਹ ਪੈ ਗਿਆ ਤਦ ਪਰਮੇਸ਼ੁਰ ਦੇ ਦੂਤ ਉਸ ਨੂੰ ਮਿਲੇ।

2. ਯਾਕੂਬ ਨੇ ਉਨ੍ਹਾਂ ਨੂੰ ਵੇਖ ਕੇ ਆਖਿਆ ਕਿ ਇਹ ਤਾਂ ਪਰਮੇਸ਼ੁਰ ਦਾ ਲਸ਼ਕਰ ਹੈ ਅਤੇ ਉਸ ਥਾਂ ਦਾ ਨਾਮ ਮਹਨਇਮ ਰੱਖਿਆ।

3. ਤਦ ਯਾਕੂਬ ਨੇ ਆਪਣੇ ਅੱਗੇ ਸੰਦੇਸ਼ਵਾਹਕਾਂ ਨੂੰ ਆਪਣੇ ਭਰਾ ਏਸਾਓ ਕੋਲ, ਸੇਈਰ ਦੇਸ਼ ਅਤੇ ਅਦੋਮ ਦੇ ਮੈਦਾਨ ਵਿੱਚ ਭੇਜਿਆ

4. ਅਤੇ ਉਨ੍ਹਾਂ ਨੂੰ ਹੁਕਮ ਦੇ ਕੇ ਆਖਿਆ ਕਿ ਤੁਸੀਂ ਮੇਰੇ ਸੁਆਮੀ ਏਸਾਓ ਨੂੰ ਇਸ ਤਰ੍ਹਾਂ ਆਖੋ, ਤੁਹਾਡਾ ਦਾਸ ਯਾਕੂਬ ਇਹ ਆਖਦਾ ਹੈ ਕਿ ਮੈਂ ਲਾਬਾਨ ਕੋਲ ਜਾ ਠਹਿਰਿਆ ਅਤੇ ਹੁਣ ਤੱਕ ਉੱਥੇ ਹੀ ਰਿਹਾ।

5. ਮੇਰੇ ਕੋਲ ਬਲ਼ਦ, ਗਧੇ, ਇੱਜੜ ਅਤੇ ਦਾਸ-ਦਾਸੀਆਂ ਹਨ ਅਤੇ ਮੈਂ ਆਪਣੇ ਸੁਆਮੀ ਨੂੰ ਇਹ ਦੱਸਣ ਲਈ ਇਨ੍ਹਾਂ ਨੂੰ ਭੇਜਿਆ ਹੈ ਕਿ ਤੁਹਾਡੀਆਂ ਅੱਖਾਂ ਵਿੱਚ ਮੇਰੇ ਲਈ ਦਯਾ ਹੋਵੇ।

6. ਯਾਕੂਬ ਦੇ ਸੰਦੇਸ਼ਵਾਹਕਾਂ ਨੇ ਮੁੜ ਆ ਕੇ ਯਾਕੂਬ ਨੂੰ ਦੱਸਿਆ ਕਿ ਅਸੀਂ ਤੇਰੇ ਭਰਾ ਏਸਾਓ ਕੋਲ ਗਏ ਸੀ। ਉਹ ਵੀ ਤੁਹਾਨੂੰ ਮਿਲਣ ਲਈ ਆਉਂਦਾ ਹੈ ਅਤੇ ਉਹ ਦੇ ਨਾਲ ਚਾਰ ਸੌ ਆਦਮੀ ਹਨ।

7. ਤਦ ਯਾਕੂਬ ਬਹੁਤ ਡਰ ਗਿਆ ਅਤੇ ਘਬਰਾਇਆ, ਉਪਰੰਤ ਉਸ ਨੇ ਆਪਣੇ ਨਾਲ ਦੇ ਲੋਕਾਂ, ਇੱਜੜਾਂ, ਬਲ਼ਦਾਂ ਅਤੇ ਊਠਾਂ ਨੂੰ ਲੈ ਕੇ ਉਨ੍ਹਾਂ ਦੀਆਂ ਦੋ ਟੋਲੀਆਂ ਬਣਾਈਆਂ

8. ਅਤੇ ਆਖਿਆ, ਜੇਕਰ ਏਸਾਓ ਇੱਕ ਟੋਲੀ ਉੱਤੇ ਹਮਲਾ ਕਰੇ ਅਤੇ ਉਸ ਨੂੰ ਮਾਰ ਸੁੱਟੇ ਤਦ ਦੂਜੀ ਟੋਲੀ ਜਿਹੜੀ ਬਾਕੀ ਰਹੇ ਬਚ ਜਾਵੇਗੀ।

9. ਫਿਰ ਯਾਕੂਬ ਨੇ ਆਖਿਆ, ਹੇ ਮੇਰੇ ਪਿਤਾ ਅਬਰਾਹਾਮ ਦੇ ਪਰਮੇਸ਼ੁਰ ਅਤੇ ਮੇਰੇ ਪਿਤਾ ਇਸਹਾਕ ਦੇ ਪਰਮੇਸ਼ੁਰ ਯਹੋਵਾਹ ਜਿਸ ਆਖਿਆ ਕਿ ਤੂੰ ਆਪਣੇ ਦੇਸ਼ ਅਤੇ ਆਪਣਿਆਂ ਸੰਬੰਧੀਆਂ ਕੋਲ ਮੁੜ ਜਾ ਅਤੇ ਮੈਂ ਤੇਰੇ ਸੰਗ ਭਲਿਆਈ ਕਰਾਂਗਾ:

10. ਮੈਂ ਤਾਂ ਉਨ੍ਹਾਂ ਸਾਰੀਆਂ ਦਿਆਲ਼ਗੀਆਂ ਅਤੇ ਉਸ ਸਾਰੀ ਸਚਿਆਈ ਤੋਂ ਜਿਹੜੀ ਤੂੰ ਆਪਣੇ ਦਾਸ ਨਾਲ ਕੀਤੀ ਬਹੁਤ ਹੀ ਛੋਟਾ ਹਾਂ। ਮੈਂ ਤਾਂ ਆਪਣੀ ਲਾਠੀ ਦੇ ਨਾਲ ਹੀ ਯਰਦਨ ਦੇ ਪਾਰ ਲੰਘਿਆ ਸੀ ਪਰ ਹੁਣ ਮੈਂ ਦੋ ਟੋਲੀਆਂ ਹੋ ਗਿਆ ਹਾਂ।

11. ਕਿਰਪਾ ਕਰਕੇ ਮੈਨੂੰ ਮੇਰੇ ਭਰਾ ਏਸਾਓ ਦੇ ਹੱਥੋਂ ਛੁਡਾ ਲਵੀਂ ਕਿਉਂ ਜੋ ਮੈਂ ਉਸ ਤੋਂ ਡਰਦਾ ਹਾਂ ਕਿਤੇ ਉਹ ਆ ਕੇ ਮੈਨੂੰ ਅਤੇ ਮਾਵਾਂ ਨੂੰ ਪੁੱਤਰਾਂ ਸਮੇਤ ਨਾ ਮਾਰ ਸੁੱਟੇ।

12. ਤੂੰ ਤਾਂ ਆਖਿਆ, ਕਿ ਮੈਂ ਤੇਰੇ ਨਾਲ ਭਲਿਆਈ ਹੀ ਭਲਿਆਈ ਕਰਾਂਗਾ ਅਤੇ ਤੇਰੀ ਅੰਸ ਨੂੰ ਸਮੁੰਦਰ ਦੀ ਰੇਤ ਵਾਂਗੂੰ ਵਧਾਵਾਂਗਾ, ਜਿਹੜੀ ਬਹੁਤਾਇਤ ਦੇ ਕਾਰਨ ਗਿਣੀ ਨਹੀਂ ਜਾਂਦੀ।

13. ਉਹ ਉਸ ਰਾਤ ਉੱਥੇ ਹੀ ਰਿਹਾ ਅਤੇ ਜੋ ਕੁਝ ਉਸ ਦੇ ਕੋਲ ਸੀ ਉਸ ਵਿੱਚੋਂ ਕੁਝ ਆਪਣੇ ਭਰਾ ਏਸਾਓ ਨੂੰ ਨਜ਼ਰਾਨਾ ਦੇਣ ਲਈ ਲਿਆ

14. ਅਰਥਾਤ ਦੋ ਸੌ ਬੱਕਰੀਆਂ, ਵੀਹ ਬੱਕਰੇ, ਦੋ ਸੌ ਭੇਡਾਂ, ਵੀਹ ਮੇਂਢੇ,

15. ਤੀਹ ਸੂਈਆਂ ਹੋਈਆਂ ਊਠਣੀਆਂ ਬੱਚਿਆਂ ਸਮੇਤ, ਚਾਲ੍ਹੀ ਗਊਆਂ, ਦਸ ਸਾਨ੍ਹ, ਵੀਹ ਗਧੀਆਂ ਅਤੇ ਉਹਨਾਂ ਦੇ ਦਸ ਬੱਚੇ।

16. ਉਸ ਨੇ ਉਨ੍ਹਾਂ ਦੇ ਝੁੰਡ ਵੱਖਰੇ-ਵੱਖਰੇ ਕਰ ਕੇ ਆਪਣੇ ਸੇਵਕਾਂ ਦੇ ਹੱਥ ਦੇ ਦਿੱਤੇ ਅਤੇ ਆਪਣੇ ਸੇਵਕਾਂ ਨੂੰ ਆਖਿਆ, ਤੁਸੀਂ ਮੇਰੇ ਅੱਗੇ-ਅੱਗੇ ਪਾਰ ਲੰਘ ਜਾਓ ਅਤੇ ਵੱਗਾਂ ਦੇ ਵਿਚਕਾਰ ਥੋੜ੍ਹਾ-ਥੋੜ੍ਹਾ ਫ਼ਾਸਲਾ ਰੱਖੋ।

17. ਸਭ ਤੋਂ ਅੱਗੇ ਜਾਣ ਵਾਲੇ ਝੁੰਡ ਦੇ ਰਖਵਾਲੇ ਨੂੰ ਉਸ ਨੇ ਇਹ ਹੁਕਮ ਦਿੱਤਾ, ਕਿ ਜਦ ਤੈਨੂੰ ਮੇਰਾ ਭਰਾ ਏਸਾਓ ਮਿਲੇ ਅਤੇ ਉਹ ਪੁੱਛੇ, ਤੂੰ ਕਿਸ ਦਾ ਦਾਸ ਹੈਂ, ਕਿੱਧਰ ਨੂੰ ਜਾਂਦਾ ਹੈਂ ਅਤੇ ਇਹ ਤੇਰੇ ਅੱਗੇ ਜਾਣ ਵਾਲੇ ਕਿਸ ਦੇ ਹਨ?

18. ਤਾਂ ਤੂੰ ਆਖੀਂ ਇਹ ਤੁਹਾਡੇ ਦਾਸ ਯਾਕੂਬ ਦੇ ਹਨ। ਇਹ ਇੱਕ ਨਜ਼ਰਾਨਾ ਹੈ ਜਿਹੜਾ ਮੇਰੇ ਸੁਆਮੀ ਨੇ ਏਸਾਓ ਲਈ ਭੇਜਿਆ ਹੈ ਅਤੇ ਵੇਖੋ, ਉਹ ਵੀ ਸਾਡੇ ਪਿੱਛੇ ਹੈ।

19. ਅਤੇ ਉਸ ਨੇ ਦੂਜੇ ਅਤੇ ਤੀਜੇ ਰਖਵਾਲਿਆਂ ਨੂੰ ਸਗੋਂ ਸਾਰਿਆਂ ਨੂੰ ਜਿਹੜੇ ਝੁੰਡ ਦੇ ਪਿੱਛੇ ਆਉਂਦੇ ਸਨ, ਹੁਕਮ ਦਿੱਤਾ ਕਿ ਜਦ ਤੁਸੀਂ ਏਸਾਓ ਨੂੰ ਮਿਲੋ ਤਾਂ ਤੁਸੀਂ ਇਸੇ ਤਰ੍ਹਾਂ ਹੀ ਆਖਣਾ।

20. ਅਤੇ ਇਹ ਵੀ ਆਖਣਾ, ਵੇਖੋ, ਤੁਹਾਡਾ ਦਾਸ ਯਾਕੂਬ ਸਾਡੇ ਪਿੱਛੇ-ਪਿੱਛੇ ਆ ਰਿਹਾ ਹੈ ਕਿਉਂ ਜੋ ਉਸ ਨੇ ਆਖਿਆ ਕਿ ਇਸ ਨਜ਼ਰਾਨੇ ਨਾਲ ਜਿਹੜਾ ਮੇਰੇ ਅੱਗੇ-ਅੱਗੇ ਜਾਂਦਾ ਹੈ ਮੈਂ ਉਸ ਦਾ ਗੁੱਸਾ ਠੰਡਾ ਕਰਾਂਗਾ ਅਤੇ ਇਸ ਤੋਂ ਬਾਅਦ ਹੀ ਉਹ ਦਾ ਮੂੰਹ ਵੇਖਾਂਗਾ, ਸ਼ਾਇਦ ਉਹ ਮੈਨੂੰ ਕਬੂਲ ਕਰੇ।

21. ਇਸ ਲਈ ਉਹ ਨਜ਼ਰਾਨਾ ਉਸ ਤੋਂ ਅੱਗੇ ਪਾਰ ਲੰਘ ਗਿਆ ਅਤੇ ਉਹ ਆਪ ਉਸ ਰਾਤ ਆਪਣੀ ਟੋਲੀ ਨਾਲ ਰਿਹਾ।

22. ਉਹ ਉਸੇ ਰਾਤ ਉੱਠਿਆ ਅਤੇ ਆਪਣੀਆਂ ਦੋਵੇਂ ਪਤਨੀਆਂ, ਦੋਵੇਂ ਦਾਸੀਆਂ ਅਤੇ ਗਿਆਰ੍ਹਾਂ ਪੁੱਤਰਾਂ ਨੂੰ ਲੈ ਕੇ ਯਬੋਕ ਨਦੀ ਤੋਂ ਪਾਰ ਲੰਘਾ ਦਿੱਤਾ।

23. ਉਸ ਨੇ ਉਨ੍ਹਾਂ ਨੂੰ ਅਤੇ ਜੋ ਉਸ ਦੇ ਕੋਲ ਸੀ, ਪਾਰ ਲੰਘਾ ਦਿੱਤਾ।

24. ਅਤੇ ਯਾਕੂਬ ਇਕੱਲਾ ਰਹਿ ਗਿਆ, ਉਸ ਦੇ ਨਾਲ ਇੱਕ ਮਨੁੱਖ ਦਿਨ ਚੜ੍ਹਨ ਤੱਕ ਘੁਲਦਾ ਰਿਹਾ।

25. ਜਦ ਉਸ ਨੇ ਵੇਖਿਆ ਕਿ ਮੈਂ ਯਾਕੂਬ ਤੋਂ ਜਿੱਤ ਨਹੀਂ ਸਕਦਾ ਤਾਂ ਉਸ ਨੇ ਯਾਕੂਬ ਦੇ ਪੱਟ ਦੇ ਜੋੜ ਨੂੰ ਹੱਥ ਲਾਇਆ ਅਤੇ ਯਾਕੂਬ ਦੇ ਪੱਟ ਦਾ ਜੋੜ ਉਸ ਦੇ ਨਾਲ ਘੁਲਣ ਦੇ ਕਾਰਨ ਨਿੱਕਲ ਗਿਆ।

26. ਤਦ ਉਸ ਮਨੁੱਖ ਨੇ ਆਖਿਆ, ਮੈਨੂੰ ਜਾਣ ਦੇ ਕਿਉਂ ਜੋ ਦਿਨ ਚੜ੍ਹ ਗਿਆ ਹੈ। ਯਾਕੂਬ ਨੇ ਆਖਿਆ, ਮੈਂ ਤੈਨੂੰ ਨਹੀਂ ਜਾਣ ਦਿਆਂਗਾ, ਜਦ ਤੱਕ ਤੂੰ ਮੈਨੂੰ ਬਰਕਤ ਨਾ ਦੇਵੇਂ।

27. ਤਾਂ ਉਸ ਨੇ ਪੁੱਛਿਆ, ਤੇਰਾ ਨਾਮ ਕੀ ਹੈ? ਉਸ ਨੇ ਆਖਿਆ, ਯਾਕੂਬ।

28. ਤਦ ਉਸ ਨੇ ਆਖਿਆ, ਤੇਰਾ ਨਾਮ ਹੁਣ ਤੋਂ ਯਾਕੂਬ ਨਹੀਂ ਸਗੋਂ ਇਸਰਾਏਲ ਹੋਵੇਗਾ ਕਿਉਂ ਜੋ ਤੂੰ ਪਰਮੇਸ਼ੁਰ ਅਤੇ ਮਨੁੱਖਾਂ ਨਾਲ ਯੁੱਧ ਕਰ ਕੇ ਜਿੱਤ ਗਿਆ ਹੈਂ।

29. ਤਾਂ ਯਾਕੂਬ ਨੇ ਆਖਿਆ, ਕਿਰਪਾ ਕਰਕੇ ਮੈਨੂੰ ਆਪਣਾ ਨਾਮ ਦੱਸੋ? ਉਸ ਨੇ ਆਖਿਆ, ਤੂੰ ਮੇਰਾ ਨਾਮ ਕਿਉਂ ਪੁੱਛਦਾ ਹੈਂ? ਤਦ ਉਸ ਨੇ ਉਹ ਨੂੰ ਉੱਥੇ ਬਰਕਤ ਦਿੱਤੀ।

30. ਯਾਕੂਬ ਨੇ ਇਹ ਆਖ ਕੇ ਉਸ ਸਥਾਨ ਦਾ ਨਾਮ ਪਨੀਏਲ ਰੱਖਿਆ ਕਿਉਂ ਜੋ ਉਸ ਨੇ ਪਰਮੇਸ਼ੁਰ ਨੂੰ ਆਹਮੋ-ਸਾਹਮਣੇ ਵੇਖਿਆ ਅਤੇ ਉਸ ਦੀ ਜਾਨ ਬਚ ਗਈ।

31. ਜਦ ਉਹ ਪਨੂਏਲ ਤੋਂ ਪਾਰ ਲੰਘ ਗਿਆ ਤਾਂ ਸੂਰਜ ਚੜ੍ਹ ਗਿਆ ਸੀ ਅਤੇ ਉਹ ਆਪਣੇ ਪੱਟ ਤੋਂ ਲੰਗੜਾ ਕੇ ਤੁਰਦਾ ਸੀ।

32. ਇਸ ਲਈ ਇਸਰਾਏਲੀ ਉਸ ਨਾੜੀ ਦੇ ਪੱਠੇ ਨੂੰ ਜਿਹੜਾ ਪੱਟ ਦੇ ਜੋੜ ਉੱਤੇ ਹੈ, ਅੱਜ ਤੱਕ ਨਹੀਂ ਖਾਂਦੇ ਕਿਉਂ ਜੋ ਉਸ ਮਨੁੱਖ ਨੇ ਯਾਕੂਬ ਦੀ ਨਾੜੀ ਦੇ ਪੱਠੇ ਨੂੰ ਪੱਟ ਦੇ ਜੋੜ ਕੋਲ ਹੱਥ ਲਾ ਦਿੱਤਾ ਸੀ।