Read Bible
Free to use • No login or registration required • For all ages
Choose your language, version, book, and chapter below. You can optionally pick a single verse for a focused view. Then click Go to see the passage. Need help? See our How to use guide.
1. ਯਹੋਵਾਹ ਨੇ ਅਬਰਾਹਾਮ ਨੂੰ ਮਮਰੇ ਦੇ ਬਲੂਤਾਂ ਵਿੱਚ ਦਰਸ਼ਣ ਦਿੱਤਾ, ਜਦ ਉਹ ਆਪਣੇ ਤੰਬੂ ਦੇ ਦਰਵਾਜ਼ੇ ਵਿੱਚ ਦਿਨ ਦੀ ਧੁੱਪ ਵੇਲੇ ਬੈਠਾ ਹੋਇਆ ਸੀ।
2. ਉਸ ਨੇ ਆਪਣੀਆਂ ਅੱਖਾਂ ਚੁੱਕ ਕੇ ਵੇਖਿਆ, ਤਾਂ ਵੇਖੋ ਤਿੰਨ ਮਨੁੱਖ ਉਹ ਦੇ ਸਾਹਮਣੇ ਖੜ੍ਹੇ ਸਨ। ਉਨ੍ਹਾਂ ਨੂੰ ਵੇਖਦਿਆਂ ਹੀ, ਉਹ ਉਨ੍ਹਾਂ ਨੂੰ ਮਿਲਣ ਲਈ ਆਪਣੇ ਤੰਬੂ ਦੇ ਦਰਵਾਜ਼ੇ ਤੋਂ ਭੱਜਿਆ ਅਤੇ ਧਰਤੀ ਤੱਕ ਝੁੱਕ ਕੇ ਮੱਥਾ ਟੇਕਿਆ।
3. ਉਸ ਨੇ ਆਖਿਆ, ਹੇ ਪ੍ਰਭੂ! ਜੇ ਮੇਰੇ ਉੱਤੇ ਤੁਹਾਡੀ ਕਿਰਪਾ ਦੀ ਨਜ਼ਰ ਹੋਈ ਹੈ ਤਾਂ ਆਪਣੇ ਦਾਸ ਦੇ ਕੋਲੋਂ ਚਲੇ ਨਾ ਜਾਣਾ।
4. ਮੈਂ ਥੋੜ੍ਹਾ ਜਿਹਾ ਪਾਣੀ ਲਿਆਉਂਦਾ ਹਾਂ, ਤਾਂ ਜੋ ਤੁਸੀਂ ਆਪਣੇ ਪੈਰ ਧੋ ਕੇ ਰੁੱਖ ਹੇਠ ਆਰਾਮ ਕਰੋ।
5. ਮੈਂ ਥੋੜ੍ਹੀ ਜਿਹੀ ਰੋਟੀ ਵੀ ਲਿਆਉਂਦਾ ਹਾਂ, ਜੋ ਤੁਸੀਂ ਆਪਣੇ ਮਨਾਂ ਨੂੰ ਤ੍ਰਿਪਤ ਕਰੋ। ਫੇਰ ਤੁਸੀਂ ਅੱਗੇ ਲੰਘ ਜਾਇਓ, ਕਿਉਂਕਿ ਤੁਸੀਂ ਇਸੇ ਲਈ ਆਪਣੇ ਦਾਸ ਕੋਲ ਆਏ ਹੋ। ਤਦ ਉਨ੍ਹਾਂ ਨੇ ਆਖਿਆ, ਜਿਵੇਂ ਤੂੰ ਕਿਹਾ ਹੈ ਉਸੇ ਤਰ੍ਹਾਂ ਹੀ ਕਰ।
6. ਤਦ ਅਬਰਾਹਾਮ ਝੱਟ ਸਾਰਾਹ ਕੋਲ ਤੰਬੂ ਵਿੱਚ ਗਿਆ ਅਤੇ ਆਖਿਆ, ਜਲਦੀ ਕਰ ਅਤੇ ਤਿੰਨ ਮਾਪ ਮੈਦਾ ਗੁੰਨ੍ਹ ਕੇ ਰੋਟੀਆਂ ਪਕਾ
7. ਅਤੇ ਅਬਰਾਹਾਮ ਨੱਸ ਕੇ ਚੌਣੇ ਵਿੱਚ ਗਿਆ ਅਤੇ ਇੱਕ ਚੰਗਾ ਅਤੇ ਨਰਮ ਵੱਛਾ ਲੈ ਕੇ ਇੱਕ ਸੇਵਕ ਨੂੰ ਦਿੱਤਾ ਅਤੇ ਉਸ ਨੇ ਛੇਤੀ ਨਾਲ ਉਹ ਨੂੰ ਤਿਆਰ ਕੀਤਾ।
8. ਫੇਰ ਉਸ ਨੇ ਦਹੀਂ, ਦੁੱਧ ਅਤੇ ਉਹ ਵੱਛਾ ਜਿਸ ਨੂੰ ਉਸ ਨੇ ਤਿਆਰ ਕਰਵਾਇਆ ਸੀ, ਲੈ ਕੇ ਉਨ੍ਹਾਂ ਦੇ ਅੱਗੇ ਪਰੋਸ ਦਿੱਤਾ ਅਤੇ ਆਪ ਉਨ੍ਹਾਂ ਦੇ ਕੋਲ ਰੁੱਖ ਹੇਠ ਖੜ੍ਹਾ ਰਿਹਾ ਅਤੇ ਉਨ੍ਹਾਂ ਨੇ ਖਾਧਾ।
9. ਫੇਰ ਉਨ੍ਹਾਂ ਨੇ ਉਹ ਨੂੰ ਪੁੱਛਿਆ, ਤੇਰੀ ਪਤਨੀ ਸਾਰਾਹ ਕਿੱਥੇ ਹੈ? ਉਸ ਨੇ ਆਖਿਆ, ਉਹ ਤੰਬੂ ਵਿੱਚ ਹੈ।
10. ਉਹਨਾਂ ਵਿੱਚੋਂ ਇੱਕ ਨੇ ਆਖਿਆ, ਮੈਂ ਜ਼ਰੂਰ ਬਸੰਤ ਦੀ ਰੁੱਤੇ ਤੇਰੇ ਕੋਲ ਵਾਪਿਸ ਆਵਾਂਗਾ ਅਤੇ ਵੇਖ ਤੇਰੀ ਪਤਨੀ ਸਾਰਾਹ ਇੱਕ ਪੁੱਤਰ ਨੂੰ ਜਨਮ ਦੇਵੇਗੀ ਅਤੇ ਸਾਰਾਹ ਤੰਬੂ ਦੇ ਬੂਹੇ ਵਿੱਚ ਜਿਹੜਾ ਉਹ ਦੇ ਪਿੱਛੇ ਸੀ, ਸੁਣ ਰਹੀ ਸੀ।
11. ਅਬਰਾਹਾਮ ਅਤੇ ਸਾਰਾਹ ਬੁੱਢੇ ਅਤੇ ਵੱਡੀ ਉਮਰ ਦੇ ਸਨ ਅਤੇ ਸਾਰਾਹ ਦੀ ਮਾਹਵਾਰੀ ਵੀ ਬੰਦ ਹੋ ਗਈ ਸੀ।
12. ਤਦ ਸਾਰਾਹ ਆਪਣੇ ਮਨ ਵਿੱਚ ਹੱਸੀ ਤੇ ਆਖਿਆ ਕਿ ਜਦੋਂ ਮੈਂ ਬੁੱਢੀ ਹੋ ਗਈ ਹਾਂ ਅਤੇ ਮੇਰਾ ਸੁਆਮੀ ਵੀ ਬੁੱਢਾ ਹੈ, ਕੀ ਮੈਨੂੰ ਇਹ ਸੁੱਖ ਮਿਲੇਗਾ?
13. ਤਦ ਯਹੋਵਾਹ ਨੇ ਅਬਰਾਹਾਮ ਨੂੰ ਆਖਿਆ, ਸਾਰਾਹ ਕਿਉਂ ਇਹ ਆਖ ਕੇ ਹੱਸੀ ਕਿ ਜਦ ਮੈਂ ਬੁੱਢੀ ਹੋ ਗਈ ਹਾਂ ਤਾਂ, ਕੀ ਮੈਂ ਸੱਚ-ਮੁੱਚ ਪੁੱਤਰ ਨੂੰ ਜਨਮ ਦੇਵਾਂਗੀ? ਭਲਾ, ਯਹੋਵਾਹ ਲਈ ਕੋਈ ਗੱਲ ਔਖੀ ਹੈ?
14. ਨਿਯੁਕਤ ਸਮੇਂ ਸਿਰ ਮੈਂ ਤੇਰੇ ਕੋਲ ਵਾਪਿਸ ਆਵਾਂਗਾ ਅਤੇ ਸਾਰਾਹ ਪੁੱਤਰ ਨੂੰ ਜਨਮ ਦੇਵੇਗੀ।
15. ਪਰ ਸਾਰਾਹ ਇਹ ਆਖ ਕੇ ਮੁੱਕਰ ਗਈ, ਕਿ ਮੈਂ ਨਹੀਂ ਹੱਸੀ ਕਿਉਂ ਜੋ ਉਹ ਡਰ ਗਈ ਪਰੰਤੂ ਉਸ ਨੇ ਆਖਿਆ, ਨਹੀਂ ਤੂੰ ਜ਼ਰੂਰ ਹੱਸੀ ਹੈਂ।
16. ਤਦ ਉਨ੍ਹਾਂ ਮਨੁੱਖਾਂ ਨੇ ਉੱਥੋਂ ਉੱਠ ਕੇ ਸਦੂਮ ਵੱਲ ਵੇਖਿਆ ਅਤੇ ਅਬਰਾਹਾਮ ਉਨ੍ਹਾਂ ਨੂੰ ਰਾਹੇ ਪਾਉਣ ਲਈ ਨਾਲ ਤੁਰ ਪਿਆ।
17. ਤਦ ਯਹੋਵਾਹ ਨੇ ਆਖਿਆ, ਮੈਂ ਅਬਰਾਹਾਮ ਤੋਂ ਉਹ ਜੋ ਮੈਂ ਕਰਨ ਵਾਲਾ ਹਾਂ ਕਿਉਂ ਲੁਕਾਵਾਂ?
18. ਅਬਰਾਹਾਮ ਇੱਕ ਵੱਡੀ ਅਤੇ ਬਲਵੰਤ ਕੌਮ ਹੋਵੇਗਾ ਅਤੇ ਧਰਤੀ ਦੀਆਂ ਸਾਰੀਆਂ ਕੌਮਾਂ ਉਸ ਤੋਂ ਬਰਕਤ ਪਾਉਣਗੀਆਂ।
19. ਕਿਉਂਕਿ ਮੈਂ ਜਾਣ ਲਿਆ ਹੈ ਕਿ ਉਹ ਆਪਣੇ ਪੁੱਤਰਾਂ ਅਤੇ ਘਰਾਣੇ ਨੂੰ ਜੋ ਉਸ ਤੋਂ ਬਾਅਦ ਵਿੱਚ ਰਹਿ ਜਾਣਗੇ, ਆਗਿਆ ਦੇਵੇਗਾ ਕਿ ਉਹ ਯਹੋਵਾਹ ਦੇ ਰਾਹ ਦੀ ਪਾਲਨਾ ਕਰਨ ਅਤੇ ਧਰਮ ਅਤੇ ਨਿਆਂ ਕਰਦੇ ਰਹਿਣ, ਤਾਂ ਕਿ ਜੋ ਕੁਝ ਯਹੋਵਾਹ ਨੇ ਅਬਰਾਹਾਮ ਦੇ ਵਿਖੇ ਬੋਲਿਆ ਹੈ ਉਸ ਨੂੰ ਪੂਰਾ ਕਰੇ।
20. ਫਿਰ ਯਹੋਵਾਹ ਨੇ ਆਖਿਆ, ਸਦੂਮ ਅਤੇ ਅਮੂਰਾਹ ਸ਼ਹਿਰ ਦਾ ਰੌਲ਼ਾ ਬਹੁਤ ਵੱਧ ਗਿਆ ਹੈ ਅਤੇ ਉਨ੍ਹਾਂ ਦਾ ਪਾਪ ਵੀ ਬਹੁਤ ਭਾਰੀ ਹੈ।
21. ਇਸ ਲਈ ਮੈਂ ਉਤਰ ਕੇ ਵੇਖਾਂਗਾ ਕਿ ਉਨ੍ਹਾਂ ਨੇ ਉਸ ਰੌਲ਼ੇ ਅਨੁਸਾਰ ਜੋ ਮੇਰੇ ਕੋਲ ਆਇਆ ਹੈ, ਸਭ ਕੁਝ ਕੀਤਾ ਹੈ ਜਾਂ ਨਹੀਂ, ਜੇ ਉਹਨਾਂ ਨਹੀਂ ਕੀਤਾ ਹੈ ਤਾਂ ਮੈਂ ਜਾਣ ਜਾਂਵਾਂਗਾ।
22. ਤਦ ਓਹ ਮਨੁੱਖ ਉੱਥੋਂ ਮੁੜ ਕੇ ਸਦੂਮ ਵੱਲ ਤੁਰ ਪਏ, ਪਰ ਅਬਰਾਹਾਮ ਯਹੋਵਾਹ ਦੇ ਸਨਮੁਖ ਖੜ੍ਹਾ ਰਿਹਾ।
23. ਤਦ ਅਬਰਾਹਾਮ ਨੇ ਨੇੜੇ ਹੋ ਕੇ ਆਖਿਆ, ਕੀ ਤੂੰ ਸੱਚ-ਮੁੱਚ ਧਰਮੀ ਨੂੰ ਕੁਧਰਮੀ ਨਾਲ ਨਾਸ ਕਰੇਂਗਾ?
24. ਸ਼ਾਇਦ ਉਸ ਨਗਰ ਵਿੱਚ ਪੰਜਾਹ ਧਰਮੀ ਹੋਣ। ਕੀ ਤੂੰ ਜ਼ਰੂਰ ਉਸ ਥਾਂ ਨੂੰ ਮਿਟਾ ਦੇਵੇਂਗਾ ਅਤੇ ਉਨ੍ਹਾਂ ਪੰਜਾਹਾਂ ਧਰਮੀਆਂ ਦੇ ਕਾਰਨ ਜੋ ਉਸ ਵਿੱਚ ਹਨ, ਛੱਡ ਨਾ ਦੇਵੇਂਗਾ?
25. ਅਜਿਹਾ ਕਰਨਾ ਅਰਥਾਤ ਧਰਮੀ ਨੂੰ ਕੁਧਰਮੀ ਨਾਲ ਮਾਰਨਾ ਤੈਥੋਂ ਦੂਰ ਹੋਵੇ ਨਹੀਂ ਤਾਂ ਧਰਮੀ ਕੁਧਰਮੀ ਦੇ ਸਮਾਨ ਹੋ ਜਾਵੇਗਾ। ਅਜਿਹਾ ਕਰਨਾ ਤੇਰੇ ਤੋਂ ਦੂਰ ਹੋਵੇ।
26. ਕੀ ਸਾਰੀ ਧਰਤੀ ਦਾ ਨਿਆਈਂ ਨਿਆਂ ਨਾ ਕਰੇਗਾ? ਯਹੋਵਾਹ ਨੇ ਆਖਿਆ, ਜੇ ਸਦੂਮ ਵਿੱਚ ਪੰਜਾਹ ਧਰਮੀ ਮੈਨੂੰ ਲੱਭਣ, ਤਾਂ ਮੈਂ ਸਾਰੇ ਨਗਰ ਨੂੰ ਉਨ੍ਹਾਂ ਦੇ ਕਾਰਨ ਛੱਡ ਦਿਆਂਗਾ।
27. ਫੇਰ ਅਬਰਾਹਾਮ ਨੇ ਉੱਤਰ ਦੇ ਕੇ ਆਖਿਆ, ਵੇਖ, ਮੈਂ ਆਪਣੇ ਪ੍ਰਭੂ ਨਾਲ ਗੱਲ ਕਰਨ ਦੀ ਦਲੇਰੀ ਕੀਤੀ ਹੈ, ਭਾਵੇਂ ਮੈਂ ਧੂੜ ਅਤੇ ਮਿੱਟੀ ਹੀ ਹਾਂ।
28. ਸ਼ਾਇਦ ਪੰਜਾਹ ਧਰਮੀਆਂ ਵਿੱਚੋਂ ਪੰਜ ਘੱਟ ਹੋਣ। ਕੀ ਉਨ੍ਹਾਂ ਪੰਜਾਂ ਦੇ ਕਾਰਨ ਤੂੰ ਸਾਰਾ ਨਗਰ ਨਸ਼ਟ ਕਰੇਂਗਾ? ਉਸ ਨੇ ਆਖਿਆ, ਜੇ ਉੱਥੇ ਮੈਨੂੰ ਪੈਂਤਾਲੀ ਲੱਭਣ ਤਾਂ ਵੀ ਮੈਂ ਉਸ ਨੂੰ ਨਸ਼ਟ ਨਹੀਂ ਕਰਾਂਗਾ।
29. ਫੇਰ ਉਸ ਨੇ ਇੱਕ ਵਾਰੀ ਹੋਰ ਉਹ ਦੇ ਨਾਲ ਗੱਲ ਕਰਕੇ ਆਖਿਆ, ਸ਼ਾਇਦ ਉੱਥੇ ਚਾਲ੍ਹੀ ਲੱਭਣ। ਉਸ ਨੇ ਆਖਿਆ, ਮੈਂ ਉਨ੍ਹਾਂ ਚਾਲ੍ਹੀਆਂ ਦੇ ਕਾਰਨ ਇਹ ਨਹੀਂ ਕਰਾਂਗਾ।
30. ਤਦ ਉਸ ਨੇ ਆਖਿਆ, ਪ੍ਰਭੂ ਕ੍ਰੋਧਵਾਨ ਨਾ ਹੋਵੇ ਤਾਂ ਮੈਂ ਗੱਲ ਕਰਾਂ, ਸ਼ਾਇਦ ਉੱਥੇ ਤੀਹ ਲੱਭਣ। ਉਸ ਨੇ ਆਖਿਆ, ਜੇ ਉੱਥੇ ਤੀਹ ਮੈਨੂੰ ਲੱਭਣ ਤਾਂ ਵੀ ਮੈਂ ਇਹ ਨਹੀਂ ਕਰਾਂਗਾ।
31. ਫੇਰ ਉਸ ਨੇ ਆਖਿਆ, ਵੇਖ ਮੈਂ ਪ੍ਰਭੂ ਨਾਲ ਗੱਲ ਕਰਨ ਦੀ ਦਲੇਰੀ ਕੀਤੀ ਹੈ। ਸ਼ਾਇਦ ਉੱਥੇ ਵੀਹ ਲੱਭਣ। ਉਸ ਨੇ ਆਖਿਆ, ਮੈਂ ਉਨ੍ਹਾਂ ਵੀਹਾਂ ਦੇ ਕਾਰਨ ਵੀ ਨਸ਼ਟ ਨਹੀਂ ਕਰਾਂਗਾ।
32. ਫੇਰ ਉਸ ਨੇ ਆਖਿਆ, ਪ੍ਰਭੂ ਕ੍ਰੋਧਵਾਨ ਨਾ ਹੋਵੇ ਤਾਂ ਮੈਂ ਇੱਕੋ ਹੀ ਵਾਰ ਫੇਰ ਗੱਲ ਕਰਾਂਗਾ। ਸ਼ਾਇਦ ਉੱਥੇ ਦਸ ਲੱਭਣ ਤਦ ਉਸ ਨੇ ਆਖਿਆ, ਮੈਂ ਉਨ੍ਹਾਂ ਦਸਾਂ ਦੇ ਕਾਰਨ ਨਗਰ ਨੂੰ ਨਸ਼ਟ ਨਹੀਂ ਕਰਾਂਗਾ।
33. ਜਦ ਯਹੋਵਾਹ ਅਬਰਾਹਾਮ ਨਾਲ ਗੱਲਾਂ ਕਰ ਚੁੱਕਿਆ ਤਦ ਉਹ ਚੱਲਿਆ ਗਿਆ ਅਤੇ ਅਬਰਾਹਾਮ ਆਪਣੀ ਥਾਂ ਨੂੰ ਮੁੜ ਗਿਆ।